ਜਲਦੀ ਹੀ ਚੋਣਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ| ਸਾਰੀ ਪਾਰਟੀਆਂ ਆਪੋ ਆਪਣੇ ਰਾਗ ਅਲਾਪਣ ਲੱਗ ਜਾਣਗੀਆਂ| ਕੋਈ ਮੁਫ਼ਤ ਬਿਜਲੀ ਦੇਵੇਗਾ, ਕੋਈ ਮੁਫ਼ਤ ਆਟਾ ਦਾਲ| ਕੋਈ ਪੈਨਸ਼ਨ ਦੀ ਭਾਨ ਦੇਵੇਗਾ ਕੋਈ ਲੱਖਾਂ ਨੌਕਰੀਆਂ ਦੇਵੇਗਾ|ਕਹਿਣ ਨੂੰ ਬਹੁਤ ਗੱਲਾਂ ਕਹੀਆਂ ਜਾਣਗੀਆਂ| ਇੱਥੇ ਕਿਹੜਾ ਕਿਸੇ ਵਾਅਦੇ ਨੂੰ ਅਮਲੀ ਜਾਮਾ ਪਾਇਆ ਜਾਣਾ ਹੈ|
ਲੋਕੀਂ ਹਰ ਵਾਰ ਦੀ ਤਰਾਂ ਕਿਸੇ ਨੂੰ ਜਿਤਾਉਣ ਲਈ ਅਤੇ ਕਿਸੇ ਜਿਤੇ ਹੋਏ ਨੂੰ ਹਰਾਉਣ ਲਈ ਵੋਟਾਂ ਪਾਉਣਗੇ ਤੇ ਬਦਲੇ ਚ ਓਹੀ ਸਬ ਦਿਲਾਸੇ ਮਿਲਣਗੇ| “ਘੜੀ ਮੁੜੀ ਖੋਤੀ ਬੋਹੜ ਥੱਲੇ” ਵਾਲੀ ਅਖੌਤ ਹਨ ਇਹਨਾਂ ਤੇ ਪੂਰੀ ਤਰਾਂ ਢੁਕਦੀ ਹੈ|
“ਗੱਲ ਪੰਜਾਬ ਦੀ” ਮੁਹਿੰਮ ਸ਼ੁਰੂ ਕਰਨ ਨਾਲ ਗੱਲ ਪੰਜਾਬ ਦੇ ਲੋਕਾਂ ਦੀ ਸੁਣੀ ਵੀ ਜਾਣੀ ਚਾਹੀਦੀ ਹੈ| ਸਿਰਫ ਆਪਣੇ ਦਾਅਵੇ ਅਤੇ ਵਾਅਦਿਆਂ ਦੀ ਖਾਨਾਪੂਰਤੀ ਲਈ ਗੱਲ ਪੰਜਾਬ ਦੀ ਫੈਲਾ ਦੇਣਾ ਕੋਈ ਤਰਕਸ਼ੀਲ ਗੱਲ ਨਹੀਂ ਹੈ| ਪੰਜਾਬ ਦੀ ਗੱਲ ਵਿੱਚ ਅਸਲ ਮੁੱਦਿਆਂ ਉੱਤੇ ਚਰਚਾ ਹੋਣੀ ਚਾਹੀਦੀ ਹੈ ਨਾ ਕਿ ਚੋਣ ਦਾ ਇੱਕ ਘੋਸ਼ਣਾ ਪੱਤਰ| ਨਹੀਂ ਤਾਂ ਓਹੀ ਹਾਲ ਹੋਵੇਗਾ ਹੁੰਦਾ ਆਇਆ ਹੈ ਜਿਵੇਂ 5 ਸਾਲ ਇੱਕ ਪਾਰਟੀ ਦੇ 5 ਦੂਜੀ ਪਾਰਟੀ ਦੇ| ਇਸ ਵਾਰ ਤੀਜੀ ਧਿਰ ਵੀ ਦਸਤਕ ਦਿੰਦੀ ਦਿਖਾਈ ਦੇ ਰਹੀ ਹੈ|
ਪੰਜਾਬ ਦੇ ਲੋਕਾਂ ਨੂੰ ਆਪਣੀ ਗੱਲ ਆਪ ਹੀ ਰੱਖਣੀ ਪਵੇਗੀ ਨਹੀਂ ਤਾਂ ਨੇਤਾਵਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਜਾਣਗੇ | ਪੰਜਾਬ ਦੇ ਲੋਕ ਖਾਸ ਕਰਕੇ ਨੌਜਵਾਨ ਵਰਗ ਬਹੁਤ ਦਿਲਚਸਪੀ ਲੈਣ ਲੱਗ ਪਿਆ ਹੈ ਪਰ ਜਾਤ ਪਾਤ, ਨਸ਼ੇ, ਬੇਰੋਜ਼ਗਾਰੀ ਸਭ ਚੱਕਰਾਂ ਚ ਫੱਸ ਕੇ ਉਹ ਥੱਕ ਹਰ ਕੇ ਵਿਦੇਸ਼ ਵਿੱਚ ਜਾਣਾ ਢੁਕਵਾਂ ਸਮਝਦਾ ਹੈ| ਹੁਣ ਇੱਕ ਪਾਰਟੀ ਨੇ 10 ਲੱਖ ਦਾ ਕਰਜ਼ਾ ਉਹ ਵੀ ਬਿਨਾ ਬਿਆਜ ਤੋਂ ਜਾਰੀ ਕੀਤਾ ਹੈ ਜੋ ਨੌਜੁਆਨ ਈਐਲਟਸ ਕਰਕੇ ਬਾਹਰ ਜਾਣ ਦਾ ਇਛੁੱਕ ਹੈ| ਭਲਾ ਇੱਕ ਵਾਰ ਬਾਹਰ ਜਾ ਕੇ ਕੋਈ ਵਾਪਿਸ ਵੀ ਪਰਤਿਆ ਹੈ|
ਗੱਲ ਸਿਰਫ ਇਹ ਹੈ ਕਿ ਗੱਲ ਪੰਜਾਬ ਦੀ ਵਿਚ ਪੰਜਾਬ ਦੀ ਗੱਲ, ਪੰਜਾਬੀਅਤ ਦੀ ਗੱਲ ਹੋਣੀ ਚਾਹੀਦੀ ਹੈ| ਪਰ ਲੋਕਾਂ ਦੇ ਮੁੱਦਿਆਂ ਦੀ ਗੱਲ ਸਰਕਾਰ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ