Gall Punjab Di Modi, Ambani and Adani
ਕਿਸਾਨ, ਸਰਕਾਰ, ਅੰਬਾਨੀ ਅਤੇ ਅਡਾਨੀ
ਭਾਰਤ ਦੇਸ਼ ਵਿੱਚ ਜਿੰਨੇ ਵੀ ਅਤੇ ਜਿਥੇ ਵੀ ਕਿਸਾਨੀ ਅੰਦੋਲਨ ਚੱਲ ਰਹੇ ਹਨ ਉਨ੍ਹਾਂ ਦੀਆਂ ਤਾਰਾਂ ਕੀਤੇ ਨਾ ਕੀਤੇ ਜਾ ਕੇ ਵੱਡੇ ਪੂੰਜੀਪਤੀਆਂ ਨਾਲ ਜਾ ਜੁੜ ਰਹੀਆਂ ਹਨ| ਸਰਕਾਰ ਦੀ ਖੁਦ ਆਪ ਦੀ ਸਥਿਤੀ ਬਹੁਤ ਲਾਚਾਰ ਹੈ| ਫਿਲਹਾਲ ਭਾਰਤੀ ਕਿਸਾਨ ਵਾਸਤੇ ਇਹ ਬਹੁਤ ਕਾਲਾ ਦੌਰ ਚੱਲ ਰਿਹਾ ਹੈ| ਪਰ ਸਰਕਾਰ ਸਿਰਫ ਆਪਣੇ ਪੂੰਜੀਪਤੀਆਂ ਨੂੰ ਖੁਸ਼ ਕਰਨ ਵਿੱਚ ਲੱਗੀ ਹੋਈ ਹੈ|
ਜੇ ਪਾਸ ਹੋ ਚੁੱਕੇ ਹਨ ਤਿੰਨੋਂ ਕਾਨੂੰਨਾਂ ਦੀ ਜ਼ਮੀਨੀ ਤੌਰ ਤੇ ਹਕੀਕਤ ਦੇਖੀਏ ਤਾਂ ਹਰ ਤਰਫ ਤੋਂ ਇਹ ਬਿੱਲ ਕਿਸਾਨ ਮਾਰੂ ਨੀਤੀਆਂ ਦੀ ਹੀ ਅਗਵਾਈ ਕਰਦੇ ਦਿਖਾਈ ਦੇ ਰਹੇ ਹਨ| ਭਲਾ ਇਹ ਕਿਥੋਂ ਦਾ ਇਨਸਾਫ ਹੋਇਆ ਕੇ ਕਿਸਾਨ ਆਉਣ ਵਾਲੇ ਸਮੇਂ ਵਿੱਚ ਆਪਣੇ ਨਾਲ ਹੋ ਰਹੇ ਧੱਕੇ ਵਿਰੁੱਧ ਕਿਸੇ ਅਦਾਲਤ ਵਿੱਚ ਵੀ ਨਹੀਂ ਜਾ ਸਕਦੇ| ਅਜਿਹਾ ਕਾਨੂੰਨ ਦੁਨੀਆਂ ਦੇ ਕਿਸੇ ਕੋਨੇ ਵਿੱਚ ਦੇਖਣ ਸੁਣਨ ਨੂੰ ਨਹੀਂ ਮਿਲਦਾ| ਪਰ ਸਰਕਾਰ ਤਾ ਇਸ ਤਰਾਂ ਵਿਹਾਰ ਕਰ ਰਹੀ ਹੈ ਜਿਵੇਂ ਉਸਨੂੰ ਹੁਕਮ ਮਿਲਿਆ ਹੋਵੇ ਕਿ ਭਾਰਤੀ ਕਿਸਾਨਾਂ ਦੇ ਹੱਥ ਵੱਡ ਦਿਓ, ਨਾ ਉਹ ਖੇਤੀ ਕਰ ਪਾਉਣ, ਨਾ ਉਹ ਆਵਾਜ਼ ਚੱਕ ਸਕਣ| ਮੌਜੂਦਾ ਸਰਕਾਰ ਨੇ ਸ਼ੁਰੂ ਤੋਂ ਹੀ ਅੰਬਾਨੀਆਂ, ਅਡਾਣੀਆਂ ਅਤੇ ਹੋਰਨਾਂ ਕਾਰਪੋਰੇਟ ਘਰਾਣਿਆਂ ਦੀ ਤਰਫਦਾਰੀ ਕੀਤੀ ਹੈ| ਇਹ ਕਿਸਾਨੀ ਬਿੱਲ ਵੀ ਉਹਨਾਂ ਦੇ ਪੱਖ ਦੀ ਗੱਲ ਕਰਦੇ ਦਿਖਾਈ ਦਿੰਦੇ ਹਨ| ਤਾਂ ਜੋ ਕਿਸਾਨ ਦੀ ਫਸਲ ਅਤੇ ਜ਼ਮੀਨ ਹੜੱਪ ਲਈ ਜਾਵੇ|
ਪੂੰਜੀਪਤੀਆਂ ਦੀ ਸ਼ੁਰੂ ਤੋਂ ਹੀ ਅੱਖ ਉੱਤਰ ਭਾਰਤ ਦੀ ਉਪਜਾਊ ਜ਼ਮੀਨ ਤੇ ਰਹੀ ਹੈ ਪਰ ਉਹ ਇਹੋ ਜਿਹੇ ਮੌਕੇ ਦੀ ਭਾਲ ਵਿੱਚ ਸਨ ਕਿ ਓਹਨਾ ਦਾ ਕੰਮ ਵੀ ਹੋ ਜਾਵੇ ਅਤੇ ਓਹਨਾ ਦਾ ਨਾਮ ਵੀ ਨਾ ਅੱਗੇ ਆਵੇ| ਕਾਰਪੋਰੇਟ ਫਾਰਮਿੰਗ ਦੀ ਜੇ ਗੱਲ ਕਰੀਏ ਤਾਂ ਇਹ ਦੁਨੀਆ ਦੇ ਕਿਸੇ ਵੀ ਕੋਨੇ ਚ ਸਫਲ ਯੋਜਨਾ ਨਹੀਂ ਰਹੀ| ਅਮਰੀਕਾ, ਕੈਨੇਡਾ ਦੀ ਸਰਕਾਰ ਹਰ ਸਾਲ ਕਿਸਾਨਾਂ ਨੂੰ ਕਰੋੜਾਂ ਡਾਲਰਾਂ ਦੀ ਸਬਸਿਡੀ ਦਿੰਦੀ ਹੈ ਤਾਂ ਜੋ ਕਿਸੇ ਤਰੀਕੇ ਕਿਸਾਨ ਨੂੰ ਬਚਾਇਆ ਜਾ ਸਕੇ| ਪ੍ਰਧਾਨ ਮੰਤਰੀ ਦੇ ਖੁਦ ਦੇ ਰਾਜ ਗੁਜਰਾਤ ਵਿੱਚ ਹੀ ਮਾਡਲ ਬੁਰੀ ਤਰਾਂ ਅਸਫਲ ਰਿਹਾ ਹੈ| ਬਿਹਾਰ ਵਿੱਚ “ਮੰਡੀ ਸਿਸਟਮ” ਨਾ ਹੋਣ ਕਰਕੇ ਕਿਸਾਨ ਪੈਦਾਵਾਰ ਨੂੰ ਵਪਾਰੀਆਂ ਦੇ ਮੂੰਹ ਆਏ ਦਾਮ ਉੱਤੇ ਵੇਚਣ ਨੂੰ ਮਜਬੂਰ ਹਨ| ਬਿਹਾਰ ਦਾ ਇੱਕ ਜਿਮੀਂਦਾਰ ਵੀ ਪੰਜਾਬ ਵਿੱਚ ਆਕੇ ਖੇਤਾਂ ਵਿੱਚ ਮਜਦੂਰੀ ਕਰਨ ਨੂੰ ਮਜਬੂਰ ਹੁੰਦਾ ਹੈ|
ਅੰਬਾਨੀਆਂ ਅਤੇ ਅਡਾਣੀਆਂ ਨੇ ਆਪਣੇ ਕੋਲ੍ਡ ਸਟੋਰੇਜ ਦੇ ਭੰਡਾਰ ਬਹੁਤ ਪਹਿਲਾਂ ਤੋਂ ਹੀ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਸਨ| ਇਹ ਸਾਜ਼ਿਸ਼ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਹੀ ਸ਼ੁਰੂ ਹੋ ਚੁੱਕੀ ਸੀ ਹੁਣ ਤਾਂ ਸਿਰਫ ਇਸਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ| ਜਿਸਨੇ ਕਦੀ ਖੇਤ ਵੜ ਕੇ ਨਹੀਂ ਦੇਖਿਆ ਉਹ ਯੋਜਨਾ ਤਿਆਰ ਕਰ ਰਹੇ ਹਨ ਕਿ ਕਿਸਾਨਾਂ ਲਈ ਕਿ ਕੀਤਾ ਜਾਵੇ| ਮੌਜੂਦਾ ਮੰਡੀ ਸਿਸਟਮ ਤੋਂ ਕਿਸਾਨ ਖੁਸ਼ ਹਨ ਪਰ ਫਿਰ ਵੀ ਸਰਕਾਰ ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ ਉੱਤੇ ਦੋਹਰੀ ਮਾਰ ਕਰ ਰਹੀ ਹੈ|
ਇੱਕ ਕੋਰੋਨਾ ਨੇ ਸਾਰਾ ਸਾਲ ਖ਼ਰਾਬ ਕਰ ਦਿੱਤਾ ਉੱਤੋਂ ਸਰਕਾਰ ਦੇ ਇਹ ਕਾਲੇ ਕਾਨੂੰਨ ਡੁਬਦੇ ਦੇ ਮੂੰਹ ਵਿੱਚ ਪਾਣੀ ਪਾਉਣ ਦੀ ਗੱਲ ਕਰਦੇ ਹਨ| ਇਸਦਾ ਸਬ ਦਾ ਜਵਾਬ ਵਕਤ ਜ਼ਰੂਰ ਦੇਵੇਗਾ|